Friday, 14 August 2015

ਕਾਹਦੀ ਯਾਰ ਆਜ਼ਾਦੀ ਆਈ ਬਣ-ਠਣ ਕੇ ਬਰਬਾਦੀ ਆਈ

ਕਾਹਦੀ ਯਾਰ ਆਜ਼ਾਦੀ ਆਈ
ਬਣ-ਠਣ ਕੇ ਬਰਬਾਦੀ ਆਈ
ਪੰਦਰਾਂ ਲੱਖ ਹਰ ਬੋਝੇ ਪੈਣਾ
ਕਿੰਨੀ ਜ਼ਹਿਰ ਸਵਾਦੀ ਆਈ।
ਲੁੱਟਣ ਲੱਗਿਆਂ ਉਸ ਨੇ ਇੱਜ਼ਤ
ਪੁੱਛਿਆ ਤੇਰੀ ਮਰਜ਼ੀ ਕੀ ਏ
ਭਾਰਤ ਮਾਂ ਨੇ ਆਖਿਆ ਪੁੱਤਰਾ
ਮੇਰੇ ਈ ਗਰਭ ਖਰਾਬੀ ਆਈ।
ਉਸ ਨੇ ਧਰਮ ਦਾ ਝੰਡਾ ਚੁੱਕਿਆ
ਲਾਜ਼ਿਮ ਕੋਈ ਫ਼ਸਾਦ ਹੋਏਗਾ
ਜਦ ਵੀ ਹੋਇਆ ਸ਼ਾਂਤ ਸਮੰਦਰ
ਮਛੇਰਿਆਂ ਸੰਗ ਮੁਰਗਾਬੀ ਆਈ।
ਲਾਲ ਬੱਤੀ ਵਿੱਚ ਬੈਠੀ ਬੀਬੀ
ਲੱਤ ਤੋਂ ਲੱਤ ਨਾ ਲਾਹੁੰਦੀ ਸੀ
ਉਹ ਵੀ ਦਿਨ ਸੀ, ਵੋਟਾਂ ਵੇਲੇ
ਜਦ ਸੀ ਬਣਕੇ ਭਾਬੀ ਆਈ।
ਬਾਦਲ ਆਖੇ ਮੋਦੀ ਕੁੱਤਾ
ਮੋਦੀ ਆਖੇ ਬਾਦਲ ਨੂੰ
ਟੈਲੀਵਿਯਨ ਦੀਆਂ ਖਬਰਾਂ ਵਿੱਚ
ਕਦੇ ਖਬਰ ਨਾ ਸਾਡੀ ਆਈ।
ਉਸ ਤੋਂ ਕੱਜਿਆ ਗਿਆ ਜਿਸਮ ਨਾ
ਉਸ ਨੇ ਅੱਖਾਂ ਮੂੰਦ ਲਈਆਂ
ਉਸ ਲਈ ਦਿੱਲੀਓਂ ਕੱਫਣ ਲੈਕੇ
ਖੱਦਰ ਆਇਆ, ਖਾਦੀ ਆਈ।
ਵਿਦੇਸ਼ੀ ਦੋਰੇ, ਫੇਰੇ-ਤੋਰੇ
ਨਿੱਤ ਹੀ ਚੜ੍ਹਿਆ ਰਹਿੰਦਾ ਹਾਕਮ
ਧੀਆਂ ਬਚਾਓ, ਖਾਤੇ ਖੋਲ੍ਹੋ
ਜਦ ਵੀ ਵਾਰੀ ਸਾਡੀ ਆਈ।
ਪੌਤੀ ਆਖੇ ਦਾਦੇ ਤਾਈਂ
ਵੱਟ੍ਹ ਇਜ਼ ਦਿਸ ਐਂਡ ਵੱਟ੍ਹ ਇਜ਼ ਦਿਸ
ਦਾਦਾ ਆਖੇ ਸਮਝ ਜਾਵੇਂਗੀ
ਪੜ੍ਹਨੀ ਜਦੋਂ ਪੰਜਾਬੀ ਆਈ।
ਸਕੂਲਾਂ ਦੇ ਵਿੱਚ ਬਣਨ ਮਸ਼ੀਨਾਂ
ਯੈੱਸ ਸਰ-ਯੈੱਸ ਸਰ ਆਖਦੀਆਂ
ਹਸਪਤਾਲ ਵਿੱਚ ਸਿਰ ਦੁਖਦੇ ਦੀ
ਗੋਲ਼ੀ ਲਾਲ-ਗੁਲਾਬੀ ਆਈ।
ਥਾਣਿਆਂ ਦੇ ਵਿੱਚ ਬੋਲੀ ਲੱਗੇ
ਇਲਾਕਿਆਂ ਦੀ ਤੇ ਨਾਕਿਆਂ ਦੀ
ਲੁਟੇਰਿਆਂ ਦੇ ਹੱਥ ਮੋਹਰਾਂ ਆਈਆਂ
ਚੋਰਾਂ ਦੇ ਹੱਥ ਚਾਬੀ ਆਈ।
ਕਾਰ ਲਗਜ਼ਰੀ ਲੰਘ ਗਈ ਸੁੱਕੀ
ਗਾਂਧੀ ਬਾਜ਼ੀ ਮਾਰ ਗਿਆ
ਸਾਇਕਲ ਟੰਗੇ ਟਿਫਨ 'ਚ ਭੁੱਕੀ
ਵੇਖੋ ਬੇ-ਹਿਸ੍ਹਾਬੀ ਆਈ।
ਰੰਗ ਬਦਲਿਆ ਗੋਰਿਆਂ ਦਾ
ਤੇ ਹੋਰ ਬਦਲਿਆ ਕੁੱਝ ਵੀ ਨਾ
ਕੁਰਸੀ ਉੱਤੇ ਬਹਿ ਕੇ ਚੋਰਾਂ
ਡੂੰਘੀ ਲੀਨ ਸਮਾਧੀ ਆਈ।
‪#‎ਗੱਗਬਾਣੀ‬ ਪਈ ਹੌਕਾ ਦੇਵੇ
ਜਾਗਣ ਅਤੇ ਜਗਾਵਣ ਦਾ
ਲਿਖਣ ਦਾ ਵੱਲ ਆਉਂਦਾ ਜੇਕਰ
ਆਪੇ ਕਲਮ ਖਰਾਦੀ ਆਈ।

No comments:

Post a Comment